Dr Kuldeep Singh Deep

Dr Kuldeep Singh Deep Dr Kuldeep Singh Deep
0 76.38688
SHARE WITH OTHERS
SITE SENSE TAGS
See new updates

Dr Kuldeep Singh Deep

Latest Updates

ਸ਼ਬਦ ਸੰਸਾਰ-2
ਚੰਨ ਚੜ੍ਹੇ ਪੁੰਨਿਆ ਦੀ ਰਾਤੀ, ਗਏ ਗੋਡੀਆਂ ਮਾਰ
ਗੁਆਚੇ ਨਹੀਂ ਲੱਭਣੇ.....
ਡਾਚੀਆਂ ਦੇ ਅਸਵਾਰ...ਗੁਆਚੇ ਨਹੀਂ ਲੱਭਣੇ.......
ਚੰਨ ਦਾ ਗੋਡੀ ਮਾਰਨਾ ਕੀ ਹੁੰਦਾ ਹੈ......?????????????

ਦੋਸਤੋ ਪੁੰਨਿਆ ਦੀ ਰਾਤ ਨੂੰ ਚੰਨ ਪੂਰਾ ਚੜ੍ਹਦਾ ਹੈ ਅਤੇ ਪੂਰੀ ਰਾਤ ਚੜ੍ਹਦਾ ਹੈ..ਪਰ ਕਈ ਵਾਰ ਬਦਕਿਸਮਤੀ ਨਾਲ ਕੋਈ ਬਦਲੀ ਮੂਹਰੇ ਆਜੇ, ਕੋਈ ਗ੍ਰਹਿਣ ਲੱਗ ਜੇ ਜਾਂ ਹੋਰ ਕੋਈ ਭਾਣਾ ਵਰਤ ਜੇ ਤਾਂ ਚੰਨ ਇਕ ਦਮ ਦਿਸਣਾ ਬੰਦ ਹੋ ਜਾਂਦਾ ਹੈ..ਇਸ ਨੂੰ ਚੰਨ ਦਾ ਗੋਡੀ ਮਾਰਨਾ ਆਖਦੇ ਹਨ...ਪ੍ਰਤੀਕ ਦੀ ਪੱਧਰ ਤੇ ਇਸ ਨੂੰ ਰੰਗ ਵਿਚ ਭੰਗ ਪੈਣ ਦੇ ਅਰਥ ਦੇ ਤੌਰ ਤੇ ਵਰਤਿਆ ਜਾਂਦਾ ਹੈ..ਜਿਵੇਂ ਸੱਸੀ-ਪੁੰਨੂੰ ਦੀ ਮਿਲਣੀ ਦੀ ਰਾਤ ‘ਪੁੰਨਿਆਂ ਦੇ ਚੰਨ ਵਰਗੀ ਰਾਤ ਹੈ..ਪਰ ਬਦਕਿਸਮਤੀ ਨਾਲ ਪੁੰਨੂੰ ਦੇ ਭਰਾਵਾਂ ਦੁਆਰਾ ਰਾਤ ਨੂੰ ਹੀ ਪੁੰਨੂੰ ਨੂੰ ਚੁੱਕ ਕੇ ਲੈ ਜਾਣਾ...ਅਚਾਨਕ ਬਹੁਤ ਦੁਖਦਾਈ ਸਥਿਤੀ ਹੈ, ਇਸ ਨੂੰ ਸ਼ਾਇਰ ਨੇ ‘ਚੰਨ ਦੇ ਗੋਡੀ ਮਾਰਨ’ ਨਾਲ ਤੁਲਨਾ ਕੀਤੀ ਹੈ...ਹੁਣ ਇਸ ਨੂੰ ਦੋਬਾਰਾ ਪੜ੍ਹੋ...
ਚੰਨ ਚੜ੍ਹੇ ਪੁੰਨਿਆ ਦੀ ਰਾਤੀ, ਗਏ ਗੋਡੀਆਂ ਮਾਰ
ਗੁਆਚੇ ਨਹੀਂ ਲੱਭਣੇ.....
ਡਾਚੀਆਂ ਦੇ ਅਸਵਾਰ...ਗੁਆਚੇ ਨਹੀਂ ਲੱਭਣੇ.......

   Over a month ago
SEND

ਜੇ ਤੂੰ ਅਕਲ ਲਤੀਫ ਹੈਂ...
ਬਾਬਾ ਫਰੀਦ ਪੰਜਾਬੀ ਸਾਹਿਤ-ਸਭਿਆਚਾਰ ਦਾ ਉਹ ਦਾਰਸ਼ਨਿਕ ਹੈ ਜਿਸ ਨੇ ਅੱਜ ਤੋਂ ਲਗਭਗ ਸਾਢੇ 850 ਸਾਲ ਪਹਿਲਾਂ ਉਸ ਲਮੇਂ ਦੀ ਲੋਕ ਬੋਲੀ ਨੂੰ ਆਪਣਾ ਕੇ ਆਪਣਾ ਲੋਕ ਪੱਖੀ ਸੰਦੇਸ਼ ਲੋਕਾਂ ਨੂੰ ਦਿੱਤਾ ਜਦ ਸੰਸਕ੍ਰਿਤ ਆਪਣੀ ਸਲਤਨਤ ਦੀ ਰਹਿੰਦ ਖੂੰਹਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੀ ਸੀ ਅਤੇ ਕਈ ਹੋਰ ਬੋਲੀਆਂ ਉਸ ਦੀ ਜਗ੍ਹਾ ਲੈਣ ਲਈ ਮੈਦਾਨ ਵਿਚ ਆ ਚੁੱਕੀਆਂ ਸਨ। ਅਜਿਹੇ ਦੌਰ ਵਿਚ ਪੰਜਾਬੀ ਨੂੰ ਆਪਣੇ ਪ੍ਰਵਚਨ ਦਾ ਮਾਧਿਅਮ ਬਣਾਉਣਾ ਹੀ ਉਸ ਨੂੰ ਸੱਚੇ ਅਰਥਾਂ ਵਿਚ ਲੋਕਾਂ ਦਾ ਪ੍ਰਵਕਤਾ ਬਣਾਉਂਦਾ ਹੈ ਅਤੇ ਸਮਾਂ ਪਾ ਕੇ ਉਹ ਪੰਜਾਬੀ ਬੋਲੀ ਦੇ ਪਿਤਾਮਾ ਦੇ ਤੌਰ ਤੇ ਸੁਸ਼ੋਭਤ ਹੁੰਦੇ ਹਨ। ਉਹਨਾਂ ਦੀ ਦਾਰਸ਼ਨਿਕਤਾ ਦੇ ਅਨੇਕ ਸਰੋਕਾਰ ਹਨ, ਜਿੰਨ੍ਹਾਂ ਵਿਚ ਇਕ ਇਸ ਸ਼ਲੋਕ ਰਾਹੀ ਸਾਮ੍ਹਣੇ ਆਉਂਦਾ ਹੈ:
ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ
ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ
ਇਹ ਸ਼ਲੋਕ ਅਪਣੇ ਆਪ ਅੰਦਰ ਅਰਥਾਂ ਦੀਆਂ ਏਨੀਆਂ ਪਰਤਾਂ ਸਮੋਈ ਬੈਠਾ ਹੈ ਕਿ ਸ਼ੇਖ ਫਰੀਦ ਦੀ ਵਿਦਵਤਾ, ਸਰਲਤਾ ਅਤੇ ਉਹਨਾਂ ਦੇ ਲੋਕ ਪੱਖੀ ਚਿੰਤਨ ਤੇ ਮਾਣ ਮਹਿਸੂਸ ਹੁੰਦਾ ਹੈ। ਇਸ ਸਿਰਲੇਖ ਵਿਚ ਸਭ ਤੋਂ ਪਹਿਲਾ ਪੱਖ ਸਵੈ ਪੜਚੋਲ ਦਾ ਹੈ। ਫਰੀਦ ਜੀ ਸਪਸ਼ਟ ਤੋਰ ਤੇ ਕਹਿੰਦੇ ਹਨ : ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ.... ਜਦੋਂ ਉਹ ਮਨੁੱਖ ਨੂੰ ਆਪਣੇ ਕਾਲਰ ਅੰਦਰ ਝਾਕਣ ਦੀ ਤਾਕੀਦ ਕਰਦੇ ਹਨ ਤਾਂ ਉਹ ਲੋਕ ਧਾਰਾ ਦੇ ਉਸ ਮਰਮ ਤੱਕ ਸੁਭਾਵਕ ਤੌਰ ਤੇ ਪਹੁੰਚ ਜਾਂਦੇ ਹਨ..ਜਿਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਨਾਲ ਪ੍ਰਗਟਾਇਆ ਜਾਂਦਾ ਹੈ। ਮਸਲਾ ਸਿੱਧੇ ਤੋਰ ਤੇ ਇਸ ਗੱਲ ਨਾਲ ਵੀ ਜੁੜਿਆ ਹੈ ਕਿ ਉਪਦੇਸ਼ ਦੇਣ ਵਾਲਿਆਂ ਦੀ ਆਪਣੀ ਪ੍ਰੈਕਟਿਸ ਕੀ ਹੈ? ਇੱਥੇ ਹੀ ਕਥਨੀ ਕਰਨੀ ਦਾ ਮਸਲਾ ਆ ਕੇ ਵੀ ਨਾਲ ਜੁੜ ਜਾਂਦਾ ਹੈ। ਬਾਬਾ ਫਰੀਦ ਜਿਸ ਦੌਰ ਵਿਚ ਆਪਣਾ ਇਹ ਪ੍ਰਵਚਨ ਸਿਰਜ ਰਹੇ ਹਨ, ਉਹ ਦੌਰ ਸਚਮੁਚ ਉਹਨਾਂ ਲੋਕਾਂ ਦਾ ਦੌਰ ਸੀ ਜਿੰਨ੍ਹਾਂ ਨੇ ਆਪਣੀ ਦੁਕਾਨਦਾਰੀਆਂ ਖੋਲ੍ਹੀਆਂ ਹੋਈਆਂ ਸਨ। ਕਿਸੇ ਨੇ ਜੋਗੀ ਜੰਗਮ ਦੇ ਰੂਪ ਵਿਚ, ਕਿਸੇ ਨੇ ਹਿੰਦੂ ਪੰਡਿਤ ਦੇ ਰੂਪ ਵਿਚ ਅਤੇ ਕਿਸੇ ਨੇ ਮੁੱਲਾ ਮੌਲਾਣਾ ਦੇ ਰੂਪ ਵਿਚ। ਹਰ ਪੰਥ/ਸੰਪਰਦਾਇ ਵੱਲੋਂ ਵਿਦਵਾਨੀ ਘੋਟਣ ਦੇ ਪ੍ਰਸੰਗ ਵਿਚ ਬਾਬਾ ਫਰੀਦ ਦਾ ਇਹ ਕਹਿਣਾ..ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ..ਉਸ ਸਮੁੱਚੀ ਅਖੌਤੀ ਵਿਦਵਾਨੀ ਅਤੇ ਉਪਦੇਸ਼ ਪਰੰਪਰਾ ਦੇ ਖਿਲਾਫ ਬਗਾਵਤ ਹੈ ਜਿਸ ਨੂੰ ਬਾਅਦ ਵਿਚ ਗੁਰੂਨਾਨਕ ਦੇਵ ਜੀ ਨੇ ਵੀ ਇੰਝ ਪ੍ਰਗਟਾਇਆ ਹੈ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।
ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ।।
ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

ਤੇ ਬਾਅਦ ਵਿਚ ਬਾਬਾ ਫਰੀਦ ਦੀ ਵਰੋਸਾਈ ਪਰੰਪਰਾ ਵਿਚ ਬਾਬਾ ਬੁੱਲ੍ਹੇ ਸ਼ਾਹ ਰਾਹੀਂ ਇਹ ਕਿਹਾ ਜਾਣ ਲੱਗ ਪਿਆ
ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਹੂਆ ਨਾ ਕੋਇ
ਢਾਈ ਅੱਖਰ ਪ੍ਰੇਮ ਦੇ ਪੜ੍ਹੇ ਸੋ ਪੰਡਿਤ ਹੋਇ...
ਅਤੇ ਸਵੈ ਪੜਚੋਲ ਦੀ ਇਹ ਪਰੰਪਰਾ ਬਾਬਾ ਫਰੀਦ ਤੋਂ ਚਲ ਕੇ ਆਧੁਨਿਕ ਦੌਰ ਦੇ ਆਧੁਨਿਕ ਲੇਖਕ ਪ੍ਰੋ ਮੋਹਣ ਸਿੰਘ ਤੱਕ ਅਪੜਦੀ ਹੈ। ਉਹ ਵੀ ਇਹੀ ਕਹਿੰਦਾ ਹੈ :
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ ।
ਕੁਝ ਅਜਬ ਇਲਮ ਇਲਮ ਦੀਆਂ ਜਿੱਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ ।
ਮੈਂ ਨਿਸਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ ।
ਗੱਲ ਸੁਣ ਜਾ ਭਟਕੇ ਰਾਹੀ ਦੀ ।
ਇਕ ਚਿਣਗ ਮੈਨੂੰ ਵੀ ਚਾਹੀਦੀ ।

ਇਉਂ ਬਾਬਾ ਫਰੀਦ ਉਸ ਸਵੈ ਪੜਚੋਲ ਦੀ ਰਵਾਇਤ ਦਾ ਵਾਹਕ ਹੈ ਜਿਸ ਨੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿੱਤੀ। ਇਸ ਸ਼ਲੋਕ ਵਿਚ ਦੂਜਾ ਸੰਦੇਸ਼ ਇਹ ਵੀ ਲੁਕਿਆ ਹੈ ਕਿ ਤੁਹਾਡੀ ਕਥਨੀ ਅਤੇ ਕਰਨੀ ਵਿਚ ਇਕਸਾਰਤਾ ਹੋਣੀ ਚਾਹੀਦੀ ਹੈ। ਬਾਬਾ ਫਰੀਦ ਤੋਂ ਲੈ ਕੇ ਅੱਜ ਤੱਕ ਇਸ ਗੱਲ ਦੀ ਤਾਰੀਖ ਗਵਾਹ ਹੈ ਕਿ ਦੂਜਿਆਂ ਨੂੰ ਆਦੇਸ਼/ਉਪਦੇਸ਼ ਦੇਣ ਵਾਲੇ ਲੋਕਾਂ ਦਾ ਖੁਦ ਦਾ ਅਮਲ ਜਾਂ ਤਾਂ ਹੁੰਦਾ ਹੀ ਨਹੀਂ ਅਤੇ ਜਾਂ ਫਿਰ ਇਸ ਦੇ ਵਿਰੋਧ ਵਿਚ ਹੁੰਦਾ ਹੈ। ‘ਕਾਲੇ ਲਿਖ ਨਾ ਲੇਖ’ਦੇ ਰੂਪ ਵਿਚ ਬਹੁਤ ਤਿੱਖੇ ਸ਼ਬਦਾਂ ਵਿਚ ਉਹਨਾਂ ਲੋਕਾਂ ਨੂੰ ਫਿਟਕਾਰ ਪਾਈ ਹੈ ਜੋ ਸਿਰਫ ਸ਼ਬਦਾਂ ਦਾ, ਵਿਦਵਤਾ ਦਾ, ਆਪਣੀ ਲਿਆਕਤ ਦਾ ਵਪਾਰ ਕਰਦੇ ਹਨ ਜਦ ਕਿ ਉਹਨਾਂ ਦਾ ਆਪਣਾ ਕਿਰਦਾਰ, ਰਫਤਾਰ ਅਤੇ ਗੁਫਤਾਰ ਅਜਿਹੀ ਨਹੀਂ ਹੁੰਦੀ।
ਪੜ੍ਹ-ਪੜ੍ਹ ਆਲਮ ਫ਼ਾਜ਼ਲ ਬਣਿਓਂ,
ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ।
ਭਜ-ਭਜ ਵੜਦਾ ਏਂ ਮੰਦਰ ਮਸੀਤੀਂ,
ਕਦੀਂ ਆਪਣੇਂ ਅੰਦਰ ਤੂੰ ਵੜਿਆ ਹੀ ਨਹੀਂ ।
ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏਂ,
ਕਦੀ ਨਫ੍ਜ਼ ਆਪਣੀ ਨਾਲ ਲੜਿਆ ਹੀ ਨਹੀਂ ।
ਬੁੱਲੇ ਸ਼ਾਹ ਅਸਮਾਨੀ ਉੱਡਦੀਆ ਫੜਦਾ ਏਂ,
ਜੇਹੜਾ ਘਰ ਬੈਠਾ ਓਹਨੂ ਫੜਿਆ ਹੀ ਨਹੀਂ ।
ਭਾਵੇਂ ਸ਼ੇਖ ਫਰੀਦ ਦੀ ਰਚਨਾ ਦੀ ਮੁੱਖ ਸੁਰ ਅਧਿਆਤਮਵਾਦੀ ਹੈ, ਪਰੰਤੂ ਇਸ ਸ਼ਲੋਕ ਵਿਚ ਉਹ ਸਮਾਜਿਕਤਾ ਦੇ ਸ਼ਿਖਰ ਤੇ ਹੈ। ਅਧਿਆਤਮਕ ਨਜ਼ਰੀਏ ਤੋਂ ਉਸਦੀ ਅਜਿਹੀ ਸਿਰਜਣਾ ਦਾ ਮਨੋਰਥ ਵਿਦਵਾਨੀ ਅਤੇ ਉਦੇਸ਼ ਛੱਡ ਕੇ ਨਿਮਰਤਾ ਅਤੇ ਅਚਾਰ-ਵਿਹਾਰ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ ਹੈ। ਬਾਬਾ ਬੁੱਲ੍ਹੇ ਸ਼ਾਹ ਵੀ ਆਪਣੀ ਕਿਸਮ ਦੀ ਅਧਿਆਤਮਕ ਸ਼ਾਇਰੀ ਵਿਚ ਇਸੇ ਭਾਵ ਨੂੰ ਪ੍ਰਗਟਾਉਂਦਾ ਹੈ :
ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ, ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ,
ਹੁਣ ਹੋਇਉਂ ਸ਼ਕਲ ਜੱਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਬਣ ਹਾਫ਼ਜ ਹਿਫ਼ਜ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ,
ਫਿਰ ਨਿਆਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।
ਇਉਂ ਬਾਬਾ ਫਰੀਦ ਨੇ ਇਸ ਸ਼ਲੋਕ ਰਾਹੀ ਅਤੇ ਆਪਣੀ ਸਮੁੱਚੀ ਰਚਨਾ ਰਾਹੀਂ ਸਵੈ ਪੜਚੋਲ, ਕਥਨੀ ਅਤੇ ਕਰਨੀ ਵਿਚ ਇਕਸਾਰਤਾ, ਆਪਣੇ ਅੰਦਰ ਵੱਲ ਮੁੜਨ ਦੀ ਪ੍ਰਕਿਰਿਆ ਨੂੰ ਸਾਮ੍ਹਣੇ ਲਿਆਉਂਦੇ ਹਨ। ਆਓ ਇਕ ਵਾਰ ਇਸ ਸ਼ਲੋਕ ਨੂੰ ਸਮਝੀਏ ਤੇ ਸਮਝਾਈਏ.....


ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ
ਆਪਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ ਦੇਖ

ਡਾ. ਕੁਲਦੀਪ ਸਿੰਘ ਦੀਪ

   Over a month ago
SEND

ਧਗੜਿਆਂ ਦਾ ਸੱਤੀ ਵੀਹੀਂ ਸੌ
ਅੱਜ ਤੋਂ ਨਹੀਂ ਹੁੰਦਾ
ਅੱਜ਼ਲਾਂ ਤੋਂ ਹੁੰਦਾ ਹੈ...
ਅਹਿੱਲਿਆ ਦੇ ਸਿਲ ਪੱਥਰ ਬਣਨ ਤੋਂ ਲੈ ਕੇ
ਦਰੋਪਦੀ ਦੇ ਚੀਰਹਰਨ ਤੱਕ
ਪਤੀ ਨਾਲ ਬਣਵਾਸ ਭੁਗਤਣ ਤੋਂ ਬਾਅਦ
ਪਤੀ ਦੁਆਰਾ ਮੁੜ ਬਣਵਾਸ ਦੇਣ ਤੋਂ ਲੈ ਕੇ
ਪੰਜ ਮਰਦਾਂ ਦੀ ਪਤਨੀ ਹੋਣ ਦੇ ਬਾਵਜੂਦ
ਭਰੀ ਕਚਿਹਰੀ ਵਿਚ ਬੇਪੱਤ ਹੋਣ ਤੱਕ
ਏਕਲਵਿਆ ਤੋਂ ਗੁਰੂ ਦਕਸ਼ਿਣਾ ਵਿਚ
ਉਸ ਦਾ ਸਾਰਾ ਹੁੱਨਰ ਲੈ ਲੈਣ ਤੋਂ ਲੈ ਕੇ
ਅਸਵਥਾਮਾ ਦੇ ਮਰ ਜਾਣ ਦੇ ਝੂਠ ਤੱਕ
ਅੱਗ ਲੈਣ ਆਏ ਧਾੜਵੀਆਂ ਦੇ
ਸੱਤ ਦਰਿਆਵਾਂ ਦੀ ਧਰਤ ਦੇ ਮਾਲਕ ਬਣਨ ਤੋਂ ਲੈਕੇ
ਸਾਡੇ ਦਰਾਵੜ ਤੇ ਭੀਲ ਬਣਨ ਤੱਕ
ਹਮੇਸ਼ਾ ਹੀ ਧਗੜਿਆਂ ਦਾ ਸੱਤੀ ਵੀਹੀਂ ਸੌ ਹੁੰਦਾ ਆਇਆ ਹੈ..
ਹੁਣ ਵੀ
ਫੁੱਟਪਾਥਾਂ ਤੇ ਪਈਆਂ ਜਿਉਂਦੀਆਂ ਲਾਸ਼ਾਂ ਨੂੰ
ਕੋਈ ਵਿਗੜੈਲ ‘ਸਟਾਰ’
ਦਰੜ ਕੇ ਲੰਘ ਜਾਵੇ
ਤਾਂ ਕੀ ਆਫਤ ਆਉਂਦੀ ਹੈ..
ਹਾਂ !
ਪਰ ਜਦ ਉਸ ਵਿਗੜੈਲ ਨੂੰ
ਥੋੜੀ ਜਿਹੀ ਸਜ਼ਾ ਹੁੰਦੀ ਹੈ
ਤਾਂ ਸਾਰਾ ਦੇਸ਼ ਸਦਮੇ ਚ ਹੁੰਦਾ ਹੈ
ਸਾਰਾ ਮੀਡੀਆ
ਸੱਥਰ ਵਿਛਾ ਲੈਂਦਾ ਹੈ
ਤੇ ਇਸ ਸਜ਼ਾ ਦੀ ਅੱਗ ਤੇ
ਟੀ ਆਰ ਪੀ ਦੀਆਂ
ਰੋਟੀਆਂ ਸੇਕ ਰਿਹਾ ਹੁੰਦਾ ਹੈ..
ਤੇ ਸਾਡੇ ਵਰਗੇ
ਸਾਰੇ ਬੇਸਿਰਿਆਂ ਦੇ ਸਿਰ
ਅਰਦਾਸਾਂ ਚ ਵਿਛੇ ਹੁੰਦੇ ਹਨ..
ਹੇ ਪਰਮਾਤਮਾ
ਸਾਡੇ ਸਟਾਰ ਨੂੰ ਬਚਾਈਂ....
ਧਗੜੇ ਦਾ ਸੱਤੀਂ ਵੀਹੀ ਸੌ ਅੱਜ ਤੋਂ ਨਹੀਂ ਹੁੰਦਾ...
ਅੱਜ਼ਲਾਂ ਤੋਂ ਹੁੰਦਾ ਆਇਆ ਹੈ..
ਰੱਥਾਂ ਘੋੜਿਆਂ ਤੇ ਆਉਂਦੇ ਮਹਾਰਾਜੇ-ਮਹਾਰਾਣੀਆਂ
ਜਹਾਜ਼ਾਂ ਤੇ ਮਰਸਡੀਜ਼ਾਂ ਚ ਆ ਰਹੇ ਨੇ..
ਤੇ ਜੇ ਕੋਈ ਮਰਸਡੀਜ਼
ਕਿਸੇ ਆਲਟੋ ਨੂੰ ਲਤੜ ਕੇ ਲੰਘ ਜਾਵੇ
ਤਾਂ ਸਾਰਾ ਮੀਡੀਆ ਸਕਤੇ ਵਿਚ ਹੁੰਦਾ ਹੈ
“ਇਕ ਸਟਾਰ ਦਾ ਐਕਸੀਡੈਂਟ”
ਦੇਸ਼ ਦੇ ਨਾਮੀ ਹਸਪਤਾਲ ਫੋਰਟਿਸ ਦਾ
ਸਾਰਾ ਅਮਲਾ ਫੈਲਾ
ਪੱਬਾਂ ਭਾਰ ਹੋ ਜਾਂਦਾ ਹੈ
ਆਖਿਰ ਹੇਮਾਮਾਲਿਣੀ ਜੋ ਹੈ
ਤੇਰੇ ਮੇਰੇ ਸਾਡੇ
ਸਭ ਦੇ ਸੁਪਨਿਆਂ ਦੀ ‘ਡਰੀਮ ਗਰਲ’
ਰੱਬਾ ਮਿਹਰ ਕਰੀਂ
ਉਹ ਜੋ
ਉਸੇ ਅਕਸੀਡੈਂਟ ਵਿਚ
ਮਰ ਗਈ
ਸਰਕਾਰੀ ਹਸਪਤਾਲ ਦੇ ਬੈਡ ਤੇ
ਜਿਸ ਦੀ ਚਾਦਰ ਵੀ ਨਹੀਂ ਬਦਲੀ ਗਈ
ਉਸ ਦੇ ਵਾਰਸਾਂ ਦੇ ਕਹਿਣ ਤੇ..
ਵਿਚਾਰੀ ਚਿੰਨੀ
ਨਿਮਾਣੀ ਨਿਤਾਣੀ ਖਸਮਾਂ ਨੂੰ ਖਾਣੀ
ਉਹ ਕਿਹੜਾ ਮੀਡੀਏ ਦੀ ਕੁਛ ਲਗਦੀ ਸੀ..
ਉਹਦੇ ਨਾਲ ਕਿਹੜਾ ਦੇਸ਼ ਨੂੰ ਨੱਬਿਆਂ ਚ ਘਾਟਾ ਪੈਣਾ ਸੀ
ਕਿਉਂਕਿ ਹੇਮਾ ਮਾਲਿਣੀ ਨਹੀਂ ਸੀ
ਚਿੰਨੀ ਸੀ
ਜੋ ਆਪਣੇ ਮਾਪਿਆਂ ਨੂੰ ਛੱਡ ਕੇ
ਕਿਸੇ ਦੇ ਸੁਪਨਿਆਂ ਦੀ ‘ਡਰੀਮ-ਗਰਲ ਨਹੀਂ ਸੀ
ਹੇਮਾਮਾਲਿਣੀ ਤੇ ਚਿੰਨੀ ਦਾ ਗੈਪ
ਅੱਜ ਵੀ ਘਟਿਆ ਨਹੀਂ ਵਧਿਆ ਹੈ
ਧਗੜਿਆਂ ਦਾ
ਸੱਤੀ ਵੀਹੀਂ ਸੌ
ਅੱਜ ਤੋਂ ਨਹੀਂ ਹੁੰਦਾ
ਅੱਜ਼ਲਾਂ ਤੋਂ ਹੁੰਦਾ ਆਇਆ ਹੈ...
ਨਿੱਤ ਫੈਲਦੀ ਗਰੀਬੀ ਰੇਖਾ ਦੇ ਪਰਲੇ ਪਾਰ
ਰੀਂਗਦੇ ਲੋਕਾਂ ਦੇ
ਨਿੱਤ ਸੁੰਗੜਦੇ ਸੁਪਨਿਆਂ ਦੀ ਬਾਤ
ਨੂੰ ਛੱਡ..
ਆਪੇ ਹੀ ਆਪਣੀਆਂ
ਤਨਖਾਹਾਂ ਤੇ ਭੱਤੇ
ਦੁੱਗਣੇ ਤਿਗੱਣੇ ਕਰਨ ਵਾਲੀਆਂ
ਤੁਰਦੀਆਂ ਫਿਰਦੀਆਂ
ਗੋਗੜਾਂ ਵੱਲ ਦੇਖ
ਜੋ ਕਿਸੇ ਨੂੰ ਕਦੇ ਵੀ ਥੱਪੜ ਮਾਰ ਸਕਦੇ ਹਨ
ਆਪਣੇ ਪੈਸਿਆਂ ਦੀ ਟਿਕਟ ਲੈ ਕੇ ਬੈਠੇ
ਕਿਸੇ ਭਲੇਮਾਨਸ ਨੂੰ ਕਾਲਰ
ਫੜ ਕੇ ਉਠਾ ਸਕਦੇ ਹਨ
ਜ਼ਿਆਦਾ ਤਿਰੜ-ਫਿਰੜ ਕਰਨ ਤੇ
ਚੁਕਵਾ ਸਕਦੇ ਸਨ
ਮਰਵਾ ਸਕਦੇ ਹਨ
ਜਿੰਨ੍ਹਾਂ ਦੀਆਂ ਉਪਰਲੀਆਂ ਕਮਾਈਆਂ
ਲਈ ਜ਼ੇਬਾਂ ਤਾਂ ਕੀ
ਸਵਿਸ ਬੈਕਾਂ ਦੇ ਲਾਕਰ ਵੀ ਛੋਟੇ ਰਹਿ ਜਾਂਦੇ ਹਨ..
ਅਜਿਹੇ ਧਗੜਿਆਂ ਦਾ
ਸੱਤੀ ਵੀਹੀਂ ਸੌ ਅੱਜ ਤੋਂ ਨਹੀਂ ਹੁੰਦਾ
ਅੱਜ਼ਲਾਂ ਤੋਂ ਹੁੰਦਾ ਹੈ...

   Over a month ago
SEND

ਭਗਤ ਸਿਆਂ
ਯਾਰ !
ਤੂੰ ਦਮੂੰਖਾਂ ਕੀ ਬੀਜੀਆਂ
ਚੱਪੇ ਚੱਪੇ ‘ਚੋਂ ਬੰਦੂਕਾਂ ਉੱਗ ਪਈਆਂ...
ਉਠਾਉਣ ਯੋਗ ਹੱਥਾਂ ਨੇ ਉਠਾ ਲਈਆਂ
ਚਲਾਉਣ ਯੋਗ ਹੱਥਾਂ ਨੇ ਚਲਾ ਲਈਆਂ
ਸੱਤ ਸਮੁੰਦਰ
ਪਾਰੋਂ ਆਏ ਬਾਂਦਰ
ਟਪੂਸੀਆਂ ਮਾਰਦੇ ਭੱਜ ਗੇ
ਪਰ ਪਿੱਛੇ ਬੜਾ ਕੁੱਝ ਛੱਡ ਗਏ
ਅਜ਼ਾਦੀ ਮਿਲੀ ਤਾਂ ਸਹੀ
ਪਰ ਨਾ ਅੱਧੀ
ਨਾ ਪੂਰੀ
ਬੱਸ ਜਮ੍ਹਾਂ ਈ ਅਧੂਰੀ
ਨਹੀਂ ਮੁੱਕੀ ਸੀ ਬਾਂਦਰਾਂ ਦੀ ਨਸਲ....
ਤੇਰੇ ਤੁਰ ਜਾਣ ਤੋਂ ਬਾਅਦ
ਤੇਰੀ ਉਹ ਜਰਖੇਜ਼ ਧਰਤ
ਬੇਕਿਰਕ ਬੇਗੈਰਤ ਬੇਤਰਸ
ਜਰਵਾਣਿਆਂ ਨੇ ਸਾਂਭ ਲਈ
ਜ਼ਹਿਰਾਂ ਪਾ
ਫਿਰ ਕਰ ਲਈ ਕੁੱਖ ਗਰਭਵਤੀ
ਫਿਰ ਉੱਗ ਪਏ
ਸੁੱਤੇ ਬੀਜ
ਫਿਰ ਬੰਦੂਕਾਂ ਨੇ ਸਿਰ ਚੁੱਕਿਆ
ਜ਼ਹਿਰੀ ਨਾਗਣਾਂ ਵਾਂਗ...
ਸੁਦਾਗਰ ਦੀਆਂ ਟੋਪੀਆਂ ਵਾਂਗ
ਕੁੱਤਿਆਂ ਅੱਗੇ ਸੁੱਟੀਆਂ ਰੋਟੀਆਂ ਵਾਂਗ
ਇਕ ਇਕ ਕਰਕੇ
ਚੁੱਕ ਲਈਆਂ
ਸਾਰੇ ਬਾਂਦਰਾਂ ਨੇ ਬੰਦੂਕਾਂ
ਤੇ ਮਾਰ ਰਹੇ ਨੇ ਕੂਕਾਂ
ਅਣਗਿਣਤ ਬਾਂਦਰ
ਭਾਂਤ ਭਤੀਲੇ
ਚਿੱਟੇ ਕਾਲੇ
ਭਗਵੇਂ ਨੀਲੇ
ਸਾਰਿਆਂ ਹੱਥ ਬੰਦੂਕ.....
ਭਗਤ ਸਿਆਂ
ਯਾਰ !
ਹੁਣ ਤੇਰੀਆਂ ਬੰਦੂਕਾਂ ਦਾ ਮੂੰਹ
ਤੇਰੇ ਹੀ ਵੱਲ ਹੈ
ਹੁਣ ਦੱਸ
ਇਸ ਮਸਲੇ ਦਾ ਕੀ ਹੱਲ ਹੈ...
ਹੁਣ ਤੇਰੇ ਵਾਰਸਾਂ ਨੂੰ
ਜਾਂ ਤਾਂ ਫਿਰ ਮਰਨਾ ਪੈਣਾ
ਜਾਂ ਫਿਰ ਹੁਣ
‘ਹੋਰ ਕੁੱਝ’
ਕਰਨਾ ਪੈਣਾ
ਇਹਨਾਂ ਦਾ
ਮੁਕਾਬਲਾ ਕਰਨ ਲਈ
ਬੰਦੂਕਾਂ ਨਹੀਂ
ਕੁੱਝ ਹੋਰ ਬੀਜਣਾ ਪੈਣਾ
ਕਿਸੇ ਕੁੰਢੀਆਂ ਮੁੱਛਾਂ ਵਾਲੇ
ਮਲੰਗ ਵਰਗਾ ਕੁੱਝ ਨਹੀਂ
ਬਿਨਾ ਗੱਲੋਂ ਖੰਘੀ
ਖੰਘ ਵਰਗਾ ਵੀ ਕੁੱਝ ਨਹੀਂ
ਨਾ ਹੀ ਟੋਪੀ
ਪਗੜੀ
ਜਾਂ ਨਿੱਕਰ ਵਰਗਾ
ਨਾ ਹੀ ਕਿਸੇ ਰਾਹ ਜਾਂਦੇ ਨੂੰ
ਕੀਤੀ ਟਿੱਚਰ ਵਰਗਾ
ਬਲਕਿ
ਸੁਰਖ਼ ਸੂਰਜਾਂ ਵਰਗਾ
ਸੂਹੇ ਰੰਗਾਂ ਵਰਗਾ
ਸ਼ੋਖ ਫੁੱਲਾਂ ਵਰਗਾ
ਟਹਿਕਦੇ ਚੰਦਾਂ ਵਰਗਾ
ਕਿਸੇ ਸੋਚ ਵਰਗਾ
ਕਿਸੇ ਹੋਸ਼ ਵਰਗਾ
ਕਿਸੇ ਠਾਠਾਂ ਮਾਰਦੇ
ਜੋਸ਼ ਵਰਗਾ
ਕੁੱਝ ਵੀ
ਜਿਸਦਾ ਸ਼ਾਇਦ ਅਜੇ
ਨਾਮਕਰਨ ਨਹੀਂ ਹੋਇਆ...

   Over a month ago
SEND